ਇੱਕ ਦੀ ਰਮਜ਼

ਗੁਰ ਨਾਨਕ ਇਸ ਜੱਗ ਦੇ ਅੰਦਰ,
ਇੱਕ ਰੱਬ ਦੀ ਇੰਝ ਗੱਲ ਸਮਝਾਈ ।
ਕਰਤਾ ਆਪੇ ਕਿਰਤ `ਚ ਵਸਦਾ,
ਸੈਭੰ ਰੂਪੀ ਬਣਤ ਬਣਾਈ ।
ਨਿਯਮ-ਹੁਕਮ ਦਾ ਰੂਪ ਵਟਾਕੇ,
ਜੱਗ ਦੀ ਖੁਦ ਕਰਦਾ ਅਗਵਾਈ ।
ਗੁਰੂ ਗਿਆਨ ਦੀ ਕਿਰਪਾ ਸਦਕਾ,
ਸਭ ਪਾਸੇ ਇਹ ਦਵੇ ਦਿਖਾਈ ।।

ਨਾਨਕ ਰੂਪੀ ਗਿਆਨ ਜੋਤ ਜਦ,
ਦਸ ਦੇਹਾਂ `ਚੋਂ ਹੋਕੇ ਚੱਲੀ ।
ਗੁਰੂ ਗ੍ਰੰਥ ਦੇ ਰੂਪ `ਚ ਆਖਿਰ,
ਹੋ ਗਈ ਸਭ ਤੇ ਨਜਰ ਸਵੱਲੀ ।
ਕੁਝ ਗੁਰੂ-ਪੁਤਰਾਂ ਬਾਗੀ ਹੋਕੇ,
ਬਿਪਰੀ ਸੋਚੇ ਬੇੜੀ ਠੱਲੀ
ਗੁਰੂ ਕਾਲ ਦੇ ਵਿੱਚੇ ਬਣ ਗਏ,
ਬਾਈ ਡੇਰੇ ਮੱਲੋ-ਮੱਲੀ ।।

ਬਾਈਆਂ ਤੋਂ ਅੱਜ ਬਾਈ ਸੌ ਬਣ,
ਸ਼ਬਦ-ਗਿਆਨ ਨੂੰ ਢਾਹ ਰਹੇ ਨੇ ।
ਗੁਰੂ ਗ੍ਰੰਥ ਨੂੰ ਪਿੱਛੇ ਕਰਕੇ,
ਦੇਹ ਨੂੰ ਗੁਰੂ ਸਦਾ ਰਹੇ ਨੇ ।
ਕੁਝ ਅਗਲੇਰੇ ਕਦਮ ਤੋਂ ਪਹਿਲਾਂ,
ਗੁਰ ਨੂੰ ਢਾਲ਼ ਬਣਾ ਰਹੇ ਨੇ ।
ਛੁਟਿਆਵਣ ਲਈ ਗ੍ਰੰਥ ਗੁਰੂ ਨੂੰ,
ਬਿਪਰੀ ਗ੍ਰੰਥ ਫੈਲਾ ਰਹੇ ਨੇ ।।

ਗੁਰੂ ਗ੍ਰੰਥ ਦੇ ਸ਼ਬਦਾਂ ਅੰਦਰ,
ਸਿੱਖ ਦੀ ਜੀਵਨ ਜਾਚ ਸਮਾਈ ।
ਗੁਰਮਤਿ ਛੱਡਕੇ ਮਨਮੱਤ ਵਾਲੀ,
ਫਿਰਦੇ ਕਈ ਅੱਜ ਰਹਿਤ ਬਣਾਈ ।
ਕਰਮਕਾਂਡ ਘੜ ਮਰਿਆਦਾ ਵਿੱਚ,
ਸਿੱਖ ਬਿਪਰ ਵਿੱਚ ਸਾਂਝ ਦਿਖਾਈ ।
ਵਿਵਹਾਰਿਕ ਜੀਵਨ ਨੂੰ ਤੱਜ ਕੇ,
ਖਲਕਤ ਪੂਜਾ ਵਿੱਚ ਉਲਝਾਈ ।।

ਸਿੱਖ ਪੰਥ ਦਾ ਤਖਤ ਇੱਕ ਹੈ,
ਗ੍ਰੰਥ ਗੁਰੂ ਵਿੱਚ ਗੁਰੂਆਂ ਘੜਿਆ ।
ਅਕਾਲ ਪੁਰਖ ਦਾ ਤਖਤ ਨਿਰਾਲਾ,
ਨਾਨਕ ਸ਼ਬਦੀਂ ਰਤਨੀਂ ਜੜਿਆ ।
ਇਟਾਂ ਰੇਤ ਨਾ ਚੂਨਾ ਕੋਈ,
ਇਹ ਹੈ ਗੁਰ ਸਿਧਾਂਤ ਵਿੱਚ ਮੜਿਆ ।
ਦੁਨੀਆਂ ਦੇ ਸਭ ਤਖਤਾਂ ਸਾਹਵੇਂ,
ਸਦਾ ਰਹੂ ਹਿੱਕ ਤਾਣੀ ਖੜਿਆ ।।

ਸੂਰਜ ਦੀ ਪਰਿਕਰਮਾ ਕਰਦੀ,
ਧਰਤੀ ਰੁੱਤਾਂ ਸਾਲ ਬਣਾਵੇ ।
ਅੱਜ ਦੇ ਯੁੱਗ ਦੀ ਸੂਰਜ ਗਿਣਤੀ,
ਚੰਦ ਗਣਨਾਂ ਦੇ ਮੇਚ ਨਾ ਆਵੇ ।
ਏਕੋ ਨਿਯਮ `ਚ ਬੱਝ ਕੈਲੰਡਰ,
ਨਾਨਕਸ਼ਾਹੀ ਅੱਜ ਅਖਵਾਵੇ ।
ਦਿਨ-ਸੁਧ ਪੱਕੀਆਂ ਮਿਤੀਆਂ ਕਾਰਣ,
ਹਰ ਵਾਰੀ ਨਿਸ਼ਚਿਤ ਥਾਂ ਆਵੇ ।।

ਆਓ ਦੋ ਦੀ ਦੁਐਤ ਤੋਂ ਬਚਕੇ,
ਇੱਕ ਦਾ ਨੁਕਤਾ ਸਾਹਵੇਂ ਲਿਆਈਏ ।
ਇੱਕ ਰੱਬ, ਇੱਕ ਗੁਰ, ਇੱਕ ਮਰਿਆਦਾ,
ਏਕੋ ਗ੍ਰੰਥ ਦਾ ਪੰਥ ਸਦਾਈਏ ।
ਤਖਤ, ਕੈਲੰਡਰ ਦੀ ਨੀਤੀ ਵਿੱਚ,
ਇੱਕੋ ਨਿਯਮ ਨੂੰ ਹੀ ਅਪਣਾਈਏ ।
ਗੁਰ ਨਾਨਕ ਦੇ ਇੱਕ ਦੀਆਂ ਰਮਜਾਂ,
ਸਮਝਕੇ ਇੱਕ ਵਿੱਚ ਇੱਕ ਹੋ ਜਾਈਏ ।।।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top