ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਕਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਕਟ ਵਧਦਾ ਨਜ਼ਰ ਆ ਰਿਹਾ ਹੈ। ਕਾਫ਼ੀ ਲੰਬੇ ਸਮੇਂ ਤੋਂ ਹਰਿਆਣਾ ਦੇ ਕੁਝ ਸਿੱਖ ਆਗੂਆਂ ਵੱਲੋਂ ਇਸ ਦੇ ਪ੍ਰਬੰਧ ਵਿਰੁੱਧ ਆਵਾਜ਼ ਉਠਾਈ ਜਾਂਦੀ ਰਹੀ ਹੈ। ਉਹ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਇਕ ਵੱਖਰੀ ਕਮੇਟੀ ਬਣਾਉਣ ਦੀ ਮੰਗ ਕਰਨ ਲੱਗੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਚਿਰਾਂ ਤੋਂ ਉਠਾਏ ਜਾ ਰਹੇ ਇਸ ਮਸਲੇ ਨੂੰ ਬੜੀ ਹੀ ਸਿਆਣਪ ਅਤੇ ਸੂਝ-ਬੂਝ ਨਾਲ ਨਜਿੱਠਣ ਦੀ ਜ਼ਰੂਰਤ ਸੀ। ਅਜਿਹਾ ਕਰਨ ਵਿਚ ਉਹ ਅਸਫ਼ਲ ਰਹੇ। ਚਾਹੇ ਬਾਅਦ ਵਿਚ ਖ਼ਤਰੇ ਨੂੰ ਸਿਰ 'ਤੇ ਮੰਡਰਾਉਂਦਾ ਵੇਖ ਕੇ ਉਨ੍ਹਾਂ ਨੇ ਜ਼ਰੂਰ ਇਸ ਲਈ ਸਰਗਰਮੀ ਫੜੀ ਪਰ ਉਸ ਸਮੇਂ ਤੱਕ ਪੁਲਾਂ ਹੇਠੋਂ ਕਾਫ਼ੀ ਪਾਣੀ ਲੰਘ ਚੁੱਕਾ ਸੀ।
ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਪ੍ਰਤੀ ਸਵਾਲ ਉਠਾਏ ਜਾਂਦੇ ਰਹੇ ਹਨ। ਇਸ ਵਿਚ ਪੈਦਾ ਹੋਈਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਗੱਲ ਵੀ ਕੀਤੀ ਜਾਂਦੀ ਰਹੀ ਹੈ। ਇਸ ਅਹਿਮ ਸਿੱਖ ਅਦਾਰੇ ਵਿਚ ਸਿਆਸੀ ਦਖ਼ਲ-ਅੰਦਾਜ਼ੀ ਵੀ ਵੱਡੀ ਪੱਧਰ ਤਕ ਵਧੀ ਨਜ਼ਰ ਆਉਂਦੀ ਰਹੀ ਹੈ। ਬਹੁਤ ਸਾਰੇ ਫ਼ੈਸਲੇ ਸਾਂਝੀ ਰਾਇ ਨਾਲ ਨਹੀਂ ਸਗੋਂ ਕੁਝ ਸ਼ਖ਼ਸੀਅਤਾਂ ਦੀ ਸੋਚ ਅਤੇ ਭਾਵਨਾ ਅਨੁਸਾਰ ਹੀ ਲਏ ਜਾਂਦੇ ਰਹੇ ਹਨ। ਬਣੇ ਅਜਿਹੇ ਹਾਲਾਤ ਨੇ ਲੋਕ-ਮਨਾਂ ਵਿਚ ਅਸੰਤੁਸ਼ਟੀ ਪੈਦਾ ਕੀਤੀ ਹੈ। ਅਜਿਹੀ ਅਸੰਤੁਸ਼ਟੀ ਸਮਾਂ ਪਾ ਕੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਅਜਿਹੇ ਹੀ ਹਾਲਾਤ ਅੱਜ ਵੇਖਣ ਨੂੰ ਮਿਲ ਰਹੇ ਹਨ। ਪੈਦਾ ਹੋਈ ਅਜਿਹੀ ਸਥਿਤੀ ਵਿਚ ਸਥਾਪਤ ਪ੍ਰਬੰਧਕਾਂ ਦੇ ਵਿਰੋਧੀਆਂ ਵੱਲੋਂ ਲਾਭ ਉਠਾਉਣਾ ਕੁਦਰਤੀ ਹੀ ਹੈ। ਹਰਿਆਣਾ ਦੇ ਆਗੂ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ਉਥੋਂ ਦੇ ਬਹੁ-ਗਿਣਤੀ ਸਿੱਖ ਨਾਲ ਹੋਣ ਦਾ ਦਾਅਵਾ ਨਹੀਂ ਕਰ ਸਕਦੇ, ਕਿਉਂਕਿ ਪਿਛਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਨਿਰਾਸ਼ਾਜਨਕ ਹਾਰ ਹੋਈ ਸੀ। ਪਰ ਵੱਖਰੀ ਕਮੇਟੀ ਬਣਨ ਦੀ ਸੂਰਤ ਵਿਚ ਉਹ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਨਾਲ ਮਿਲ ਕੇ ਆਪਣੇ ਅੰਦਰ ਚਿਰਾਂ ਤੋਂ ਉਗਮੀ ਉਮੰਗ ਨੂੰ ਜ਼ਰੂਰ ਪੂਰਾ ਕਰ ਸਕਦੇ ਸਨ। ਅਜਿਹਾ ਹਰਿਆਣਾ ਵਿਧਾਨ ਸਭਾ ਵਿਚ ਸੂਬੇ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਬਿੱਲ ਪਾਸ ਕਰਵਾ ਕੇ ਉਨ੍ਹਾਂ ਕਰ ਦਿਖਾਇਆ ਹੈ। ਇਸ ਮਾਮਲੇ ਵਿਚ ਉਨ੍ਹਾਂ ਨਾਲ ਪੰਜਾਬ ਦੇ ਕਾਂਗਰਸੀਆਂ ਅਤੇ ਦਿੱਲੀ ਦੇ ਕਾਂਗਰਸ ਪੱਖੀ ਸਿੱਖ ਆਗੂਆਂ ਦਾ ਖੜ੍ਹੇ ਹੋਣਾ ਕੁਦਰਤੀ ਸੀ। ਚਾਹੇ ਹੁੱਡਾ ਸਰਕਾਰ ਨੇ ਅਜਿਹਾ ਬਿੱਲ ਤਾਂ ਪਾਸ ਕਰ ਦਿੱਤਾ ਪਰ ਇਸ ਨਾਲ ਪੈਦਾ ਹੋਇਆ ਵਿਵਾਦ ਆਸਾਨੀ ਨਾਲ ਹੱਲ ਹੋਣ ਵਾਲਾ ਨਹੀਂ ਹੈ। ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਕਈ ਤਰ੍ਹਾਂ ਨਾਲ ਦਖ਼ਲ-ਅੰਦਾਜ਼ੀ ਪਿਛਲੇ ਲੰਬੇ ਸਮੇਂ ਤੋਂ ਜਗ-ਜ਼ਾਹਿਰ ਹੁੰਦੀ ਰਹੀ ਹੈ। ਇਸ ਵਾਰ ਤਾਂ ਬਿੱਲੀ ਪੂਰੀ ਤਰ੍ਹਾਂ ਥੈਲੇ 'ਚੋਂ ਬਾਹਰ ਆ ਗਈ ਹੈ। ਅਜਿਹੀ ਸੂਰਤ ਵਿਚ ਇਸ ਕਾਰਵਾਈ ਦੀ ਆਲੋਚਨਾ ਹੋਣੀ ਕੁਦਰਤੀ ਹੀ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਚੱਲ ਰਹੇ ਇਸ ਵਿਵਾਦ ਦਾ ਹੱਲ ਛੇਤੀ ਕੀਤਿਆਂ ਹੋਣ ਵਾਲਾ ਨਹੀਂ ਹੈ। ਵੱਖਰੀ ਕਮੇਟੀ ਵਿਰੁੱਧ ਆਵਾਜ਼ ਉਠਾ ਰਹੀ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਖੜ੍ਹੀਆਂ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਕ ਧਿਰ ਬਣ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣਾ ਦੇ ਸਿੱਖ ਆਗੂਆਂ ਅਤੇ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ 'ਚੋਂ ਖਾਰਜ ਕਰਨ ਨਾਲ ਸਥਿਤੀ ਹੋਰ ਗੁੰਝਲਦਾਰ ਹੋ ਗਈ ਹੈ। ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਦੂਜੀ ਧਿਰ ਵਜੋਂ ਹਰਿਆਣੇ ਵਿਚ ਆਪਣੀ ਰਣਨੀਤੀ ਬਣਾਈ ਜਾ ਰਹੀ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਹਰਿਆਣਾ ਸਰਕਾਰ ਦੀ ਕਾਰਵਾਈ ਬਾਰੇ ਸਖ਼ਤ ਪ੍ਰਤੀਕਰਮ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਕਈ ਵਾਰ ਇਸ ਗੱਲ ਨੂੰ ਦੁਹਰਾਇਆ ਹੈ ਕਿ ਅਨੇਕਾਂ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੀ ਸੂਰਤ ਵਿਚ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਜਿੱਡੀ ਵੀ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਦੀ ਜ਼ਰੂਰਤ ਹੋਵੇਗੀ, ਉਸ ਲਈ ਉਹ ਤਿਆਰ ਰਹਿਣਗੇ। ਕਾਫ਼ੀ ਕੁਝ ਗਵਾ ਕੇ ਹੋਸ਼ ਵਿਚ ਆਏ ਇਨ੍ਹਾਂ ਪੰਥਕ ਆਗੂਆਂ ਨੂੰ ਇਸ ਸਮੇਂ ਇਸ ਗੱਲ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ ਕਿ ਇਹ ਸਭ ਕੁਝ ਕਿਉਂ ਵਾਪਰਿਆ ਅਤੇ ਅੱਗੋਂ ਲਈ ਇਸ ਵਿਵਸਥਾ ਵਿਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਪਿਛਲੇ ਲੰਬੇ ਸਮੇਂ ਤੋਂ ਸਿੱਖ ਪਰੰਪਰਾਵਾਂ ਨੂੰ ਲਗਦੇ ਆ ਰਹੇ ਖੋਰੇ ਨੂੰ ਰੋਕਣ ਅਤੇ ਇਸ ਕਾਰਨ ਉਤਪੰਨ ਹੋਣ ਵਾਲੀਆਂ ਸਥਿਤੀਆਂ ਨਾਲ ਨਿਪਟਣ ਵਿਚ ਸ਼੍ਰੋਮਣੀ ਕਮੇਟੀ ਅਸਮਰੱਥ ਰਹੀ ਹੈ। ਬਿਨਾਂ ਸ਼ੱਕ ਇਸ ਵਿਚ ਹਰ ਪੱਖੋਂ ਨਵੀਂ ਰੂਹ ਫੂਕਣ ਦੀ ਸਖ਼ਤ ਜ਼ਰੂਰਤ ਭਾਸਣ ਲੱਗੀ ਹੈ। ਅਜਿਹੇ ਸਮੇਂ ਹਰਿਆਣਾ ਵਿਚ ਉੱਠੇ ਇਸ ਮਸਲੇ ਨੇ ਸ਼੍ਰੋਮਣੀ ਕਮੇਟੀ ਨੂੰ ਹੋਰ ਵੀ ਕਮਜ਼ੋਰ ਕੀਤਾ ਹੈ। ਪੈਦਾ ਹੋਈ ਇਸ ਨਵੀਂ ਚੁਣੌਤੀ ਨੂੰ ਕਿਸ ਢੰਗ ਨਾਲ ਸਵੀਕਾਰ ਕਰਨਾ ਹੈ, ਇਸ ਲਈ ਹਰ ਪੱਧਰ 'ਤੇ ਡੂੰਘੇ ਅਤੇ ਵਿਸਥਾਰਤ ਵਿਚਾਰ-ਵਟਾਂਦਰੇ ਦੀ ਲੋੜ ਹੋਵੇਗੀ ਤਾਂ ਜੋ ਸਾਂਝੀ ਨੀਤੀ ਉਲੀਕ ਕੇ ਮਿਲੀ ਇਸ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕੇ।

-ਬਰਜਿੰਦਰ ਸਿੰਘ ਹਮਦਰਦ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top