ਮੁਲਕ ਦੀ ਵੱਧਦੀ ਅਬਾਦੀ ਤੇ ਬੇਰੋਜ਼ਗਾਰੀ

ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਬੰਨਾ ਹੁੰਦਾ ਹੈ ਬਿਨਾ ਹੱਦ ਬੰਨੇ ਦੇ ਸਾਰਾ ਕੁੱਝ ਫੇਲ੍ਹ ਹੋ ਜਾਂਦਾ ਹੈ। ਸਾਡੇ ਮੁਲਕ ਦੀ ਤਰਾਸਦੀ ਹੈ ਕਿ ਇਸ ਨੇ ਭਗਵਾਨ ਲੋੜ ਨਾਲੋਂ ਜ਼ਿਆਦਾ ਬਣਾਏ ਹੋਏ ਹਨ। ਜਨੀ ਕਿ ਭਗਵਾਨਾਂ ਦਾ ਕੋਈ ਹੱਦ ਬੰਨਾ ਹੀ ਨਹੀਂ ਹੈ, ਇਹਨਾਂ ਭਗਵਾਨਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਹੁਣ ਏਨੇ ਭਗਵਾਨਾਂ ਨੇ ਵਰ ਵੀ ਤਾਂ ਦੇਣੇ ਹੀ ਹਨ। ਇਹਨਾਂ ਵਰਾਂ ਦੀ ਬਦੌਲਤ ਪਰਵਾਰਾਂ ਵਿੱਚ ਬੇ-ਓੜਕ ਵਾਧਾ ਹੋਇਆ ਹੈ। ਪਤਾ ਨਹੀਂ ਕਿਉਂ ਇਹ ਭਗਵਾਨ ਦੇਸ਼ ਦੀ ਅਬਾਦੀ ਤਾਂ ਵਧਾਈ ਜਾ ਰਹੇ ਪਰ ਉਹਨਾਂ ਦੀ ਸੇਵਾ-ਸੰਭਾਲ਼ ਲਈ ਘੇਸ ਮਾਰ ਗਏ ਹਨ। ਨਾਂ ਤਾਂ ਭਗਵਾਨ ਕੋਈ ਕਾਰਖਾਨਾ ਖੋਲਣ ਲਈ ਤਿਆਰ ਹੈ ਤੇ ਨਾਂ ਹੀ ਭਗਵਾਨ ਕੋਈ ਸੜਕ, ਹਸਪਤਾਲ, ਸਕੂਲ ਕਾਲਜ, ਪਾਣੀ, ਸਿਹਤ, ਆਦਿ ਦੀ ਕੋਈ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਜਿਵੇਂ ਜਿਵੇਂ ਅਬਾਦੀ ਵਿੱਚ ਵਾਧਾ ਹੋ ਰਿਹਾ ਹੈ ਤਿਵੇਂ ਤਿਵੇਂ ਬੇ-ਰੋਜ਼ਗਾਰੀ ਵਿੱਚ ਵੀ ਵਾਧਾ ਹੋਈ ਜਾ ਰਿਹਾ ਹੈ।

Image result for unemployment in india ਦੋ ਬੰਦੇ ਆਪਸ ਵਿੱਚ ਮਿਲਦੇ ਹਨ ਤੇ ਇੱਕ ਦੁਜੇ ਨੂੰ ਹਾਲ ਚਾਲ ਪੁੱਛਣ ਉਪਰੰਤ ਇੱਕ ਪੁੱਛਦਾ, “ਸੁਣਾ ਬੜੇ ਚਿਰ ਬਆਦ ਮਿਲਿਆਂ ਏਂ ਕਿੰਨੇ ਬੱਚੇ ਆ। ਤਾਂ ਦੂਜਾ ਕਹਿੰਦਾ ਹੈ, “ਭਗਵਾਨ ਦੀ ਕਿਰਪਾ ਨਾਲ ਸੱਤ ਬੱਚੇ ਆ ਚਾਰ ਕੁੜੀਆਂ ਤੇ ਤਿੰਨ ਮੁੰਡੇ ਆ”। ਫਿਰ ਉਹ ਪੁੱਛਦਾ ਹੋਰ ਕੀ ਕੰਮ ਕਾਰ ਕਰਦਾ ਏਂ ਤਾਂ ਅੱਗੋਂ ਬਣਾ ਸਵਾਰ ਕੇ ਕਹਿੰਦਾ “ਇਹ ਕੰਮ ਨਹੀਂ ਹੈ ਜਿਹੜਾ ਮੈਂ ਤੈਨੂੰ ਦੱਸਿਆ ਹੈ”। ਪੜ੍ਹਿਆ ਲਿਖਿਆ ਤਾਂ ਸਮਝਦਾ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਵਿਦਿਆ ਚੰਗਾ ਹੁਨਰ ਸਿਖਾ ਸਕਾਂ ਪਰ ਜਿਹੜੇ ਭਗਵਾਨ ਦੀ ਕ੍ਰਿਪਾ ਮੰਨ ਕੇ ਚਲਦੇ ਹਨ ਓੱਥੇ ਕੁਦਰਤੀ ਬੇ-ਹਿਸਾਬ ਨਾਲ ਹੀ ਅਬਾਦੀ ਵਿੱਚ ਵਾਧਾ ਹੁੰਦਾ ਹੈ। ਇਸ ਬੇ-ਨਿਯਮੀ ਵਿੱਚ ਕੁਦਰਤੀ ਸਾਧਨ ਛੋਟੇ ਹੋ ਜਾਂਦੇ ਹਨ, ਲੋੜਾਂ ਵੱਧ ਜਾਂਦੀਆਂ ਹਨ। ਉਪਜ ਤਾਂ ਓਨੀ ਹੀ ਰਹਿੰਦੀ ਹੈ ਜਦ ਕੇ ਖਪਤ ਵੱਧ ਜਾਂਦੀ ਹੈ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਚੋਰੀਆਂ ਲੁਟਾਂ ਖੋਹਾਂ ਜਨਮ ਲੈਂਦੀਆਂ ਹਨ।
Image result for unemployment in india

ਹੁਣ ਜ਼ਰਾ ਕੁ ਆਪਣੇ ਮੁਲਕ ਦੀ ਰੋਜ਼ਗਾਰ ਸਮੱਸਿਆ ਵਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਵੱਧ ਰਹੀ ਅਬਾਦੀ ਸਾਹਮਣੇ ਰੋਜ਼ਗਾਰ ਦੇ ਸਾਧਨ ਬਹੁਤ ਸੀਮਤ ਹਨ। ਰੋਜ਼ਗਾਰ ਦੇ ਨਵੇਂ ਸਾਧਨ ਨਾ ਹੋਣ ਕਰਕੇ ਲਗਾਤਾਰ ਬੇ-ਰੋਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ। ਸਾਲ ੨੦੧੧ ਵਿੱਚ ਬੇਰੋਜ਼ਗਾਰੀ ਵਿੱਚ ੩. ੫ ਫੀ ਸਦੀ, ੨੦੧੨ ਵਿੱਚ ੩. ੬, ੨੦੧੩ ਵਿੱਚ ੩. ੭ ਅਤੇ ੨੦੧੪ ਵਿੱਚ ਇਹ ਵਾਧਾ ੩. ੮ ਤੇ ਪਹੁੰਚ ਚੁੱਕਿਆ ਹੈ
ਹੈਰਾਨਗੀ ਦੀ ਓਦੋਂ ਕੋਈ ਹੱਦ ਹੀ ਨਹੀਂ ਰਹੀ ਜਦੋਂ ਉੱਤਰ ਪ੍ਰਦੇਸ਼ ਵਿੱਚ ਮਾਲੀਆ ਅਧਿਕਾਰੀ ਅਤੇ ਚਪੜਾਸੀਆਂ ਦੀਆਂ ੧੩੬੮੪ ਅਹੁਦਿਆਂ ਲਈ ੫੦ ਲੱਖ ਅਰਜ਼ੀਆਂ ਮਿਲੀਆਂ ਹਨ। ਇਹਨਾਂ ੩੬੮ ਚਪੜਾਸੀਆਂ ਲਈ ਤੇ ੧੩੩੧੬ ਅਹੁਦੇ ਲੇਖਾਪਾਲ ਵਾਸਤੇ ਹਨ।
ਚਪੜਾਸੀਆਂ ਦੀ ਨਿਯੁਕਤੀ ਲਈ ਇਸ਼ਤਿਹਾਰ ਜਾਰੀ ਹੋਣ ਮਗਰੋਂ ਸਿਰਫ ੩. ੩ ਦਿਨਾਂ ਵਿੱਚ ੨੩ ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਅਰਜ਼ੀਆਂ ਆਈਆਂ।
ਚਪੜਾਸੀ ਦੀ ਅਸਾਮੀ ਲਈ ੨੫੫ ਪੀ. ਐਚ. ਡੀ. , ੨ ਲੱਖ ਤੋਂ ਜ਼ਿਆਦਾ ਗ੍ਰੈਜੂਏਟ ਹਨ ਇਹਨਾਂ ਤੋਂ ਜ਼ਿਆਦਾ ਪੜ੍ਹੇ ਲਿਖੇ ਬੀ. ਟੈਕ. , ਬੀ. ਐਸ. ਸੀ. , ਬੀ. ਕਾਮ. , ਐਮ. ਐਸ. ਸੀ. , ਐਮ. ਕਾਮ. , ਅਤੇ ਐਮ. ਏ. ਪਾਸ ਉਮੀਦਵਾਰ ਸ਼ਾਮਿਲ ਹਨ। ਚਪੜਾਸੀ ਦੀ ਯੋਗਤਾ ਲਈ ਕੇਵਲ ਦੋ ਹੀ ਯੋਗਤਾਵਾਂ ਮੰਗੀਆਂ ਸਨ। ਇੱਕ ਤਾਂ ਉਹ ਪੰਜਵੀਂ ਜਮਾਤ ਤੀਕ ਪੜ੍ਹਿਆ ਹੋਵੇ ਦੂਜਾ ਉਸ ਨੂੰ ਸਾਇਕਲ ਚਲਾਉਣਾ ਆਉਂਦਾ ਹੋਵੇ। ੫੩ ਹਜ਼ਾਰ ਪੰਜ ਜਮਾਤਾਂ ਪਾਸ ੨੦ ਲੱਖ ਛੇਵੀਂ ਤੋਂ ੧੨ ਤਕ ਪੜ੍ਹੇ ਬਾਕੀ ਇਸ ਤੋਂ ਊਪਰ ਪੜ੍ਹਿਆਂ ਲਿਖਿਆਂ ਨੇ ਚਪੜਾਸੀਆਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦਿੱਤੀਆਂ ਹਨ।

Image result for unemployment in india
ਪੰਜਾਬ ਦਾ ਤਾਂ ਇਹ ਹਾਲ ਹੈ ਜਿਹੜੇ ਸਰਕਾਰੀ ਜਾਂ ਅਰਧ ਸਰਕਾਰੀ ਮਹਿਕਮਿਆਂ ਵਿਚੋਂ ਕੋਈ ਸੇਵਾ ਮੁਕਤ ਹੁੰਦਾ ਹੈ ਓੱਥੇ ਮੁੜ ਦੁਬਾਰਾ ਭਰਤੀ ਨਹੀਂ ਕੀਤੀ ਗਈ। ਜਿੰਨੇ ਕੁ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਇਸ ਤੋਂ ਜ਼ਿਆਦਾ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਬੱਚੇ ਵਿਦਿਆ ਹਾਸਲ ਕਰ ਰਹੇ ਹਨ। ਇਹਨਾਂ ਸਕੁਲ਼ਾਂ ਵਿਚੋਂ ਜਿਹੜਾ ਸੇਵਾ ਮੁਕਤ ਹੁੰਦਾ ਹੈ ਉੱਥੇ ਮੁੜਕੇ ਭਰਤੀ ਹੋਏ ਨੂੰ ਸਰਕਾਰੀ ਸਹਾਇਤਾ ਨਹੀਂ ਮਿਲਦੀ।
ਅਬਾਦੀ ਦੇ ਵਾਧੇ ਕਾਰਨ ਹੀ ਪੂਰੀ ਤਨਖਾਹ ਦੇਣ ਦੀ ਬਜਾਏ ਠੇਕੇ `ਤੇ ਮਲਾਜ਼ਮ ਭਰਤੀ ਕਰਨ ਦੀ ਰਵਾਇਤ ਸ਼ੁਰੂ ਕਰ ਲਈ ਹੈ ਤੇ ਮਜ਼ਬੂਰੀ ਵੱਸ ਗਰੀਬੀ ਦੇ ਭੰਨੇ ਹੋਏ ਨੌਜਵਾਨ ਠੇਕੇ `ਤੇ ਕੰਮ ਕਰਨ ਲਈ ਮਜ਼ਬੂਰ ਹਨ। ਅਖਬਾਰਾਂ ਵਿੱਚ ਅਕਸਰ ਅੰਕੜੇ ਛੱਪਦੇ ਹੀ ਰਹਿੰਦੇ ਹਨ ਕਿ ਭਾਰਤ ਵਿੱਚ ਬਹੁਤ ਸਾਰੀ ਅਬਾਦੀ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹਿ ਰਹੀ ਹੈ। ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਸੜਕਾਂ ਦਿਆਂ ਕਿਨਾਰਿਆਂ, ਪੁੱਲ਼ਾਂ ਦੇ ਥੱਲੇ ਤੇ ਝੁੱਗੀਆਂ ਝੌਂਪੜੀਆਂ ਤੇ ਵਿੱਚ ਲੋਕਾਂ ਨੂੰ ਦੇਖਿਆ ਜਾ ਸਕਦੇ ਹੈ। ਇਹਨਾਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਦੀ ਅਬਾਦੀ ਲੋੜ ਨਾਲੋਂ ਜ਼ਿਆਦਾ ਵੱਧਦੀ ਹੈ ਤੇ ਇਹਨਾਂ ਪਾਸ ਜੀਵਨ ਦੀਆਂ ਮੁੱਢਲ਼ੀਆਂ ਲੋੜਾਂ ਦੀ ਵੀ ਪੂਰਤੀ ਨਹੀਂ ਹੈ।
ਵਿਕਸਤ ਮੁਲਕਾਂ ਦੀਆਂ ਸਰਕਾਰਾਂ ਬਹੁਤ ਸੁਚੇਤ ਹਨ। ਉਹ ਜਿੱਥੇ ਕਿਤੇ ਵੀ ਕੋਈ ਕਲੋਨੀ ਕੱਟਦੀ ਹੈ ਤਾਂ ਪਹਿਲਾਂ ਸ਼ਹਿਰ ਵਰਗੀ ਸਹੂਲਤ ਦਿੱਤੀ ਜਾਂਦੀ ਹੈ। ਇਲਾਕੇ ਦੇ ਹਿਸਾਬ ਨਾਲ ਮਾਰਕੀਟ, ਹਸਪਤਾਲ, ਸਕੂਲ ਤੇ ਹੋਰ ਸਰਕਾਰੀ ਸਹੂਲਤਾਂ ਨਾਲ ਲੈਸ ਕਰਕੇ ਫਿਰ ਅਬਾਦੀ ਕਰਾਈ ਜਾਂਦੀ ਹੈ। ਭਾਵ ਅਬਾਦੀ ਦੇ ਹਿਸਾਬ ਨਾਲ ਹੀ ਸਕੂਲ, ਕਾਲਜ ਤੇ ਹਸਪਤਾਲ ਬਣਾਏ ਜਾਂਦੇ ਹਨ। ਸਰਕਾਰ ਇਹ ਵੀ ਦੇਖਦੀ ਹੈ ਕਿ ਜਿੱਥੇ ਕਿਤੇ ਕਿਸੇ ਇਲਾਕੇ ਨੂੰ ਅਬਾਦ ਕਰਨਾ ਹੁੰਦਾ ਹੈ ਓੱਥੇ ਵਿਸ਼ੇਸ਼ ਸਹੂਲਤਾਂ ਦੇ ਕੇ ਅਬਾਦੀ ਕਰਾਈ ਜਾਂਦੀ ਹੈ। ਉਹਨਾਂ ਨੇ ਅਬਾਦੀ ਦਾ ਸੰਤੁਲਨ ਕਾਇਮ ਰੱਖਿਆ ਹੋਇਆ ਹੈ। ਚੀਨ ਵਰਗੇ ਮੁਲਕ ਨੇ ਵੀ ਵੱਧਦੀ ਅਬਾਦੀ ਦੇ ਵਾਧੇ ਨੂੰ ਰੋਕਣ ਦਾ ਪੂਰਾ ਪੂਰਾ ਯਤਨ ਕੀਤਾ ਹੈ ਤੇ ਉਹ ਕਾਮਯਾਬ ਵੀ ਹੋ ਰਹੇ ਹਨ।
ਸਾਡੇ ਦੇਖਦਿਆਂ ਦੇਖਦਿਆਂ ਹੀ ਸ਼ਹਿਰਾਂ ਦੀ ਅਬਾਦੀ ਬੇ-ਹਿਸਾਬ ਨਾਲ ਵੱਧੀ ਹੈ। ਵਾਹੀ ਯੋਗ ਜ਼ਮੀਨਾਂ ਤੇ ਕਾਲੋਨੀਆਂ ਬਣਾ ਦਿੱਤੀਆਂ ਹਨ। ਸਰਕਾਰ ਵਲੋਂ ਲੋਕਾਂ ਦੀਆਂ ਆਮ ਲੋੜਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ।
ਅਬਾਦੀ ਵਧਣ ਦੇ ਕੁੱਝ ਕਾਰਨ ਹਨ ਜਿਸ ਤਰ੍ਹਾਂ ਇਸਲਾਮ ਵਿੱਚ ਦੋ ਸ਼ਾਦੀਆਂ ਦੀ ਤਾਂ ਆਮ ਹੀ ਪ੍ਰਥਾ ਹੈ। ਫਿਰ ਇਸ ਦੇ ਹਿਸਾਬ ਨਾਲ ਹੀ ਅਬਾਦੀ ਵੱਧਣੀ ਹੈ। ਪਿੱਛੇ ਜੇਹੇ ਹਿੰਦੂ ਆਗੂਆਂ ਨੇ ਵੀ ਬੇ-ਤੁਕੇ ਬਿਆਨ ਦੇ ਕੇ ਆਖਿਆ ਕਿ ਹਿੰਦੂ ਕਿਤੇ ਘੱਟ ਗਿਣਤੀ ਵਿੱਚ ਨਾ ਰਹਿ ਜਾਣ ਇਸ ਲਈ ਹਰ ਹਿੰਦੂ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੇ ਯਤਨ ਕਰੇ।
ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਪਰਵਾਰਾਂ ਦਾ ਇੱਕ ਨਜ਼ਰੀਆ ਹੈ ਕਿ ਸਾਡੇ ਘਰ ਚਾਰ ਪੰਜ ਲੜਕੇ ਹੋਣਗੇ ਤੇ ਉਹ ਕਮਾਈ ਕਰਨਗੇ ਜਿਸ ਨਾਲ ਸਾਡੇ ਘਰ ਦੀ ਹਾਲਤ ਸੌਖੀ ਹੋ ਜਾਏਗੀ। ਅਜੇਹੇ ਪਰਵਾਰਾਂ ਦੀ ਸੋਚਣੀ ਵੀ ਅਬਾਦੀ ਵਿੱਚ ਵਾਧਾ ਕਰਦੀ ਹੈ।
ਵੱਧਦੀ ਅਬਾਦੀ ਸਬੰਧੀ ਲੋਕਾਂ ਨੂੰ ਵਿਦਿਆ ਦੁਆਰਾ ਜਾਗਰੁਕ ਕਰਨਾ ਚਾਹੀਦਾ ਹੈ। ਸਾਡੇ ਮੁਲਕ ਵਿੱਚ ਤਿੰਨ ਚੀਜ਼ਾਂ ਠੀਕ ਹੋ ਜਾਣ ਤਾਂ ਅਸੀਂ ਵੀ ਵਿਕਸਤ ਮੁਲਕਾਂ ਦੀ ਗਿਣਤੀ ਵਿੱਚ ਆ ਸਕਦੇ ਹਾਂ। ਦੇਸ਼ ਦੇ ਲੀਡਰ ਅਤੇ ਉੱਚ ਅਫ਼ਸਰ ਵੱਡੀਖੋਰ ਹੋ ਚੁੱਕੇ ਹਨ। ਦੁਜਾ ਅਦਾਲਤੀ ਪ੍ਰਕਿਰਿਆ ਬਹੁਤ ਹੀ ਧੀਮੀ ਚਲਦੀ ਹੈ ਜਿਸ ਨਾਲ ਕਈ ਕਈ ਸਾਲ ਕੇਸ ਚਲਦਾ ਰਹਿੰਦਾ ਹੈ ਨਤੀਜਾ ਕੁੱਝ ਵੀ ਨਹੀਂ ਨਿਕਲਦਾ। ਤੀਜਾ ਦੇਸ਼ ਦੀ ਅਬਾਦੀ ਵਧਣ ਕਰਕੇ ਅਸੀਂ ਤਰੱਕੀ ਨਹੀਂ ਕਰ ਸਕਦੇ।
ਜੇ ਇਹ ਤਿੰਨ ਨੁਕਤੇ ਠੀਕ ਕਰ ਲਏ ਜਾਣ ਤਾਂ ਅਸੀਂ ਵੀ ਵਿਕਸਤ ਮੁਲਕਾਂ ਦੀ ਗਿਣਤੀ ਵਿੱਚ ਆ ਸਕਦੇ ਹਾਂ। ਹਰ ਬੰਦਾ ਖੁਸ਼ਹਾਲ ਹੋ ਸਕਦਾ ਹੈ। ਵੱਧ ਅਬਾਦੀ ਕਰਕੇ ਰੋਜ਼ਗਾਰ ਦੇ ਸਾਧਨ ਸੀਮਤ ਹੋ ਜਾਂਦੇ ਹਨ। ਬੇਰੋਜ਼ਗਾਰੀ ਵਿੱਚ ਵਾਧਾ ਹੁੰਦਾ ਹੈ।
ਜਿਸ ਹਿਸਾਬ ਨਾਲ ਅਬਾਦੀ ਵੱਧੀ ਹੈ ਉਸ ਹਿਸਾਬ ਨਾਲ ਰੋਜ਼ਗਾਰ ਦੇ ਸਾਧਨ ਨਹੀਂ ਵੱਧੇ ਹਨ। ਜਿਸ ਦਾ ਨਤੀਜਾ ਉੱਤਰ ਪ੍ਰਦੇਸ ਵਿੱਚ ਚਪੜਾਸੀ ਦੀਆਂ ਅਸਾਮੀਆਂ ਤੋਂ ਦੇਖਿਆ ਜਾ ਸਕਦਾ ਹੈ। ਕੁੱਝ ਅਸਾਮੀਆਂ ਲਈ ਹੀ ੨੩ ਲੱਖ ਤੋਂ ਵੱਧ ਅਰਜ਼ੀਆਂ ਆਈਆਂ ਹਨ। ਬੇ-ਰੋਜ਼ਗਾਰੀ ਕਰਕੇ ਲੁੱਟਾਂ ਖੋਹਾਂ, ਚੋਰੀਆਂ, ਆਤਮ ਹੱਤਿਆਵਾਂ ਤੇ ਘਰਾਂ ਵਿੱਚ ਲੜਾਈ ਝਗੜੇ ਰਹਿੰਦੇ ਹਨ। ਏੰਨੀ ਅਬਾਦੀ ਲਈ ਸੀਵਰੇਜ, ਗੈਸ, ਸੜਕਾਂ, ਅਵਾਜਾਈ ਦੇ ਸਾਧਨ, ਹਸਪਤਾਲ, ਸਕੂਲ, ਖੇਡਣ ਵਾਲੇ ਮੈਦਾਨ ਅਤੇ ਹੋਰ ਕਈ ਸਹੂਲਤਾਂ ਤੋਂ ਲੋਕ ਵਾਂਝੇ ਹੀ ਰਹਿੰਦੇ ਹਨ।
ਵੱਧਦੀ ਅਬਾਦੀ ਨੂੰ ਕੰਟਰੋਲ ਕਰਨ ਲਈ ਠੋਸ ਉਪਰਾਲਿਆਂ ਦੀ ਲੋੜ ਹੈ। ਸਰਕਾਰ ਨੂੰ ਸਖਤ ਕਨੂੰਨ ਬਣਾਉਣ ਦੀ ਲੋੜ ਹੈ ਜਿਸ `ਤੇ ਸੁਹਿਰਦਤਾ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਅਜੇਹੇ ਸੰਵੇਧਨਸ਼ੀਲ ਮੁੱਦੇ ਨੂੰ ਲੋਕਾਂ ਤੀਕ ਲੈ ਕੇ ਜਾਣ ਦੀ ਲੋੜ ਤੇ ਸਮਝਾਉਣ ਦੀ ਜ਼ਰੂਰਤ ਹੈ।

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਡੇਲੀ ਸਿੱਖ ਨਿਊਜ਼ ਵੇਬਸਾਇਟ ਉੱਪਰ ਪਾਇਆ ਜਾਣ ਵਾਲਾ ਸਾਰਾ ਡਾਟਾ Admin Team ਵੱਲੋਂ ਪਾਇਆ ਜਾਂਦਾ ਹੈ, ਪਰ ਇਸ ਵੇਬਸਾਇਟ ਉੱਪਰ ਛਪੀ ਸਮੱਗਰੀ ਨਾਲ ਸਦਾ ਸੇਹ੍ਮਤ ਹੋਣਾ ਜਰੂਰੀ ਨਹੀ ਹੈ | ਡੇਲੀ ਸਿੱਖ ਨਿਊਜ਼ ਵੇਬਸਾਇਟ ਵਰਲਡ ਸਿੱਖ ਫ਼ੇਡਰੇਸ਼ਨ ਦੀ ਸੰਪੱਤੀ ਹੈ | ਬਿਨਾਂ ਆਗਿਆ ਇਸ ਵੇਬਸਾਇਟ ਦਾ ਕਨਟੇਂਟ (ਡਾਟਾ) ਕਿਸੇ ਹੋਰ ਵੇਬਸਾਇਟ ਤੇ ਪਾਉਣਾ ਜਾਣ ਫੇਰ ਇਸ ਵੇਬਸਾਇਟ ਦੀ ਕਾਪੀ ਕਰਨ ਦੀ ਮਨਾਹੀ ਹੈ |

Newsletter

ਕਿਰਪਾ ਕਰਕੇ ਆਪਣੀ Email ਭਰੋ | ਅਸੀਂ ਹਰ ਰੋਜ਼ ਹੋ ਰਹੀਆਂ ਅਪਡੇਟ ਬਾਰੇ ਤਹਾਨੂੰ ਜਾਣਕਾਰੀ Email ਰਾਹੀਂ ਭੇਜ ਸਕਦੇ ਹਾਂ |

© 2014-15 All right reserved | Designed & Developed by: Kokri Web Development

Back to Top