Articles ‘‘ਮੈਂ ਮੂਰਖ ਕੀ ਕੇਤਕ ਬਾਤ ਹੈ….‘‘ written by ਸੰਪਾਦਕ February 5, 2018 ਪ੍ਰੋ: ਇੰਦਰ ਸਿੰਘ ‘ਘੱਗਾ’ ਦੁਨੀਆਂ ਦੇ ਅਣਗਿਣਤ ਜੀਵਾਂ ਵਾਂਗ, ਪਿੰਡ ਘੱਗਾ ਜਿਲਾ ਪਟਿਆਲਾ ਵਿਖੇ, ਆਪਣਾ ਭੀ ‘‘ਰੜੇ ਮੈਦਾਨ‘‘, ਜਨਮ ਹੋ ਗਿਆ। ਮਿੱਟੀ ਘੱਟੇ ਵਿਚ ਰੁਲਦਿਆਂ, ਛੱਪੜਾਂ ਟੋਭਿਆਂ ਵਿਚ ਡੁਬਕੀਆਂ ਲਾਉਂਦਿਆਂ, ਕੁੱਤਿਆਂ, ਗਾਵਾਂ, ਮੱਝਾਂ ਦਾ ਸਾਥ ਮਾਣਦਿਆਂ, ਉਮਰ ਪੌੜੀ ਦੇ ਡੰਡੇ ਚੜ੍ਹਨ ਲੱਗਿਆ। ਅੱਠ ਕੁ ਸਾਲ ਦਾ ਹੋਇਆ ਤਾਂ ਡੰਗਰ ਚਾਰਨ, ਚਰਾਂਦਾਂ ਵੱਲ ਟੋਰ ਦਿੱਤਾ ਗਿਆ। ਡੰਗਰ ਆਪਣੇ ਥੋੜੇ ਲੋਕਾਂ ਦੇ ਬਹੁਤੇ। ਮੇਰੇ ਵਰਗੇ ਹੋਰ ਸਾਥੀ ਪਾਲੀਆਂ ਨਾਲ ਖੇਡਦਿਆਂ, ਝਗੜਦਿਆਂ, ਕਿਸੇ ਤਕੜੇ ਤੋਂ ਦੋ ਚਪੇੜਾਂ ਖਾ ਲੈਣੀਆਂ, ਤੇ ਮਾੜੇ ਨੂੰ ਦੋ ਚਪੇੜਾਂ ਜੜ ਦੇਣੀਆਂ। ਡੰਗਰਾਂ ਵਲੋਂ ਖੇਤਾਂ ਵਿਚ ਕਦੀ ਮੂੰਹ ਮਾਰ ਲੈਣ ਤੇ ਖੇਤ ਮਾਲਕਾਂ ਤੋਂ ਚੰਗੀ ਗਿੱਦੜ ਕੁੱਟ ਖਾਣੀ, ਗਾਲਾਂ ਦਾ ਮਿਰਚ ਮਸਾਲਾ ਵਾਧੂ। ਸਭ ਤਰਾਂ ਦੇ ਨਸ਼ਿਆਂ ਦਾ ਸੁਆਦ ਭੀ ਇਸ ਅੱਲੜ ਉਮਰੇ ਚੱਖ ਲਿਆ। ਸਿਰਫ ਚੌਦਾਂ ਸਾਲ ਦਾ ਹੋਇਆ ਸਾਂ ਕਿ ਸੁਖ ਰਹਿਣੇ ਪਿਉ ਨੇ, ਕਮਜੋ਼ਰ ਬੁੱਢੇ ਬਲਦਾਂ ਦੀਆਂ ਪੂਛਾਂ ਮਰੋੜਨ ਲਾ ਕੇ, ਹਲ ਦਾ ਮੁੰਨਾ ਫੜਾ ਦਿੱਤਾ। ਸਾਰਾ ਦਿਨ ਹਲ ਵਾਹੁਣਾ, ਪਾਣੀ ਲਾਉਣਾ, ਗੋਡੀ ਕਰਨੀ, ਪੱਠੇ ਵੱਢਣੇ, ਘਰ ਲਿਆ ਕੇ ਹੱਥ ਟੋਕੇ ਨਾਲ ਕੁਤਰਨੇ, ਪਸ਼ੂਆਂ ਨੂੰ ਪਾਉਣੇ….। ਖਾਣ ਨੂੰ ਬਾਪੂ ਦੀਆਂ ਗਾਹਲਾਂ, ਚਪੇੜਾਂ ਤੇ ਫਾਕੇ ਕੜਾਕੇ। ਜੇ ਜੀਵਤ ਰਿਹਾ ਤਾਂ ਮਾਂ ਦੇ ਪਿਆਰ ਅਤੇ ਦਿਲਾਸਿਆਂ ਕਾਰਨ। ਵੱਡੇ ਛੋਟੇ ਭੈਣ ਭਰਾ ਕਿਤਾਬਾਂ ਦੀਆਂ ਪੰਡਾਂ ਚੁੱਕ ਸਕੂਲ ਜਾਂਦੇ, ਸਰਕਾਰੀ ਸਕੂਲ ਵਿਚ ਇੱਕ ਆਨਾ ਫੀਸ ਭਰਨੋ ਭੀ ਲਾਚਾਰ ਹੋ ਕੇ, ਫੀਸ ਮੁਆਫੀ ਦੀ ਅਰਜੀ ਦੇ ਦਿੰਦੇ। ਉਹਨਾਂ ਤੋਂ ਕਦੀ ਗੁਰਮੁਖੀ ਦੇ ਇੱਕ ਦੋ ਅੱਖਰ ਪੁੱਛ ਕੇ ਸਿੱਖ ਲੈਣੇ। ਜਿਸ ਤਰ੍ਹਾਂ ਦੀ ਕੋਈ ਕਿਤਾਬ ਮਿਲ ਜਾਂਦੀ ਉਸੇ ਨਾਲ ਸਿਰ ਖਪਾਈ ਕਰਨ ਲਗ ਪੈਂਦਾ। ਕੰਮ ਦਾ ਬਹੁਤਾ ਭਾਰ, ਜਮੀਨ ਥੋੜ੍ਹੀ, ਲੋੜਾਂ ਪੂਰੀਆਂ ਨਾ ਹੋਣ ਤੇ ਉਪਰੋਂ ਪਿਉ ਦੀਆਂ ਫਜੂਲ ਖਰਚੀਆਂ ਅਤੇ ਨਿੱਤ ਦੇ ਝਗੜੇ ਕਲੇਸ। ਬਿਨਾ ਕਾਰਨ ਤੋਂ ਮਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਮਾਰਦੇ ਰਹਿਣਾ, ਜਿੰਨੀ ਦੇਰ ਤਕ ਕਿ ਅਸੀਂ, ਦੋਵਾਂ ਵੱਡੇ ਭਰਾਵਾਂ ਨੇ, ਬਾਪੂ ਨੂੰ ਡਾਂਗ ਚੁਕ ਕੇ ਖੁੱਲੀ ਵੰਗਾਰ ਨਹੀਂ ਪਾਈ। ਇਸ ਨਿੱਤ ਦੀ ਦੁਖੀ ਜ਼ਿੰਦਗੀ ਤੋਂ ਤੰਗ ਆ ਕੇ, ਘਰੋਂ ਨਿਕਲ ਜਾਣ ਦਾ ਪੱਕਾ ਮਨ ਬਣਾ ਲਿਆ। ਅਗਸਤ ਮਹੀਨੇ 1963 ਵਿਚ ਕੇਵਲ ਸਤਾਰਾਂ ਕੁ ਸਾਲ ਦੀ ਕੱਚੀ ਉਮਰੇ, ਫੌਜ ਵਿਚ ਜਾ ਭਰਤੀ ਹੋਇਆ। ਮਾਂ ਬਹੁਤ ਕੁਰਲਾਈ, ਬੜਾ ਰੋਕਿਆ, ਭੈਣ ਭਰਾ ਭੀ ਦੁਖੀ ਹੋਏ, ਪਰ ਮੈਂ ਇਰਾਦਾ ਨਾ ਬਦਲਿਆ। ਨਾਸਿਕ ਵਿਖੇ, ਇੱਕ ਸਾਲ ਦੀ ਸਿਖਲਾਈ ਤੋਂ ਬਾਦ ਸਿੱਖ ਰਜਮੈਂਟ ਵਿਚ ਭੇਜ ਦਿੱਤਾ ਗਿਆ। ਸੁਭਾ ਦਾ ਅੱਖੜ ਪੁਣਾ ਬਾ ਦਸਤੂਰ ਕਾਇਮ ਸੀ। ਉਪਰਲੇ ਅਫਸਰਾਂ ਨਾਲ ਝਗੜਨਾ ਮੇਰੇ ਲਈ ਆਮ ਜਿਹੀ ਗੱਲ ਸੀ। ਉਹਨਾਂ ਗਲੋਂ ਲਾਹੁਣ ਵਾਸਤੇ ਬੜੌਦਾ (ਗੁਜਰਾਤ) ਵਿਚ ਭਾਰੀ ਤੋਪਾਂ ਦੀ ਸਿਖਿਆ ਲੈਣ ਲਈ ਭੇਜ ਦਿੱਤਾ। ਇਹ ਨੌ ਮਹੀਨੇ ਦੀ ‘‘ਗੰਨ ਫਿੱਟਰ‘‘ ਸਿਖਲਾਈ ਏ ਗ੍ਰੇਡ ਪਹਿਲੇ ਦਰਜੇ ਵਿਚ ਪਾਸ ਕੀਤੀ। ਵਾਪਸ ਫਿਰ ਉਸੇ ਰਜਮੈਂਟ ਵਿਚ ਆ ਗਿਆ, ਸਾਰਿਆਂ ਨੇ ਚੰਗੇ ਨੰਬਰ ਲੈਣ ਕਰਕੇ ਬਹੁਤ ਸਤਿਕਾਰ ਦਿੱਤਾ। ਕੁੱਲ ਔਖੀਆਂ ਡਿਊਟੀਆਂ ਤੋਂ ਛੋਟ ਮਿਲ ਗਈ। ਪਾਕਿਸਤਾਨ ਨਾਲ 1965 ਵਾਲੀ ਜੰਗ ਲਗ ਗਈ ਤਾਂ ਸਿਆਲਕੋਟ ਸੈਕਟਰ ਦੇ ਮੋਰਚੇ ਵਿਚ, ਮੋਹਰੀ ਹੋਕੇ ਕੰਮ ਕਰਨ ਦਾ ਮੌਕਾ ਮਿਲਿਆ। ਕਈ ਡਰਪੋਕਾਂ ਨੂੰ ਜੰਗ ਵਿਚੋਂ ਜਾਨ ਬਚਾਕੇ ਭਜਦੇ ਵੇਖਿਆ। ਕਿਸੇ ਨੂੰ ਸਾਬਣ ਦਾ ਘੋਲ ਪੀਕੇ, ਬਿਮਾਰੀ ਦਾ ਪੱਜ ਕਰਕੇ, ਹਸਪਤਾਲਾਂ ਵਿਚ ਦਾਖਲ ਹੁੰਦੇ ਵੇਖਿਆ। ਕਈਆਂ ਨੂੰ ਜਾਣ ਬੁੱਝ ਕੇ ਜ਼ਖਮੀ ਹੁੰਦਿਆ ਵੇਖਿਆ ਤਾਂ ਕਿ ਇਲਾਜ ਵਾਸਤੇ, ਪਿੱਛੇ ਵੱਡੇ ਹਸਪਤਾਲ ਭੇਜ ਦੇਣ ਜਾਨ ਬਚ ਜਾਵੇ। ਬਹਾਦਰਾਂ ਨੂੰ ਹਿੱਕ ਤਾਣਕੇ ਲੜਦੇ ਤੇ ਸ਼ਹੀਦ ਹੁੰਦੇ ਵੇਖਿਆ। ਸ਼ਹੀਦਾਂ ਨੂੰ ਕੁਝ ਭੀ ਨਹੀਂ ਤੇ ਕਾਇਰ ਅਫ਼ਸਰਾਂ ਨੂੰ (ਜੋ ਪਹਿਲੇ ਦਿਨ ਦੀ ਜੰਗ ਵਿਚੋਂ ਹੀ ਨੱਸ ਕੇ ਲੁਕ ਗਏ ਸਨ) ਵੀਰ ਚੱਕਰ ਤੇ ਪਰਮਵੀਰ ਚੱਕਰ ਮਿਲਦੇ ਵੇਖੇ। ਮੈਨੂੰ ਇਸ ਜੰਗ ਵਿਚ ਗੰਨ ਫਿੱਟਰ ਦੇ ਵਧੀਆ ਕੰਮ ਬਦਲੇ, ਦੋ ਸੇਵਾ ਮੈਡਲ ਪ੍ਰਾਪਤ ਹੋਏ। ਛੇ ਸਾਲ ਹੋਣ ਲੱਗੇ ਸਨ, ਫੌਜੀ ਨੋਕਰੀ ਕਰਦਿਆਂ, ਕਿ ਮਾਮਾ ਜੀ ਆ ਧਮਕੇ। ਉਹਨਾਂ ਦੇ ਘਰ ਕੋਈ ਪੁੱਤਰ ਨਹੀਂ ਸੀ, ਦੋ ਧੀਆਂ ਹੀ ਸਨ। ਮੈਨੂੰ ਲੈ ਪਾਲਕ ਪੁੱਤਰ ਬਣਾਉਣ ਦੀ ਕੋਸ਼ਿਸ਼ ਕਰਦਿਆਂ, ਕਈ ਲੰਮੀਆਂ ਦਫ਼ਤਰੀ ਕਾਰਵਾਈਆਂ ਤੋਂ ਬਾਦ, ਫੌਜ ਵਿਚੋਂ ਨਾਮ ਕਟਵਾ ਲਿਆ। ਮਾਮਾ ਜੀ ਦੇ ਘਰ ਨਾਨਕੇ ਪਿੰਡ ਜਾ ਖੇਤੀ ਕਰਨ ਲੱਗਾ। ਮੇਰਾ ਅੱਖੜ ਪੁਣਾ ਤੇ ਮਾਮਾ ਜੀ ਦਾ ਸਖਤ ਰਵਈਆ, ਅਤੇ ਆਪਣੀ ਜ਼ਮੀਨ ਦਾ ਮੋਹ ਨਿਭਾ ਨਾ ਹੋਇਆ। ਇੱਕ ਸਾਲ ਬਾਦ ਫਿਰ ਪਿੰਡ ਆ ਕੇ ਖੇਤੀ ਲਈ ਮੁਸ਼ੱਕਤ ਸ਼ੁਰੂ ਕਰ ਦਿੱਤੀ। ਲੱਖ ਪਾਪੜ ਵੇਲਣ ਦੇ ਬਾਵਜੂਦ ਭੀ ਕੰਗਾਲੀ ਨੇ ਘਰੋਂ ਡੇਰਾ ਨਾ ਚੁੱਕਿਆ। ਇਹਨਾਂ ਹੀ ਬੁਰੇ ਦਿਨਾਂ ਵਿਚ, ਅਚਨਚੇਤੀ ਖੁਸ਼ੀ ਭਰੀ ਘਟਨਾ ਵਾਪਰ ਲਈ। ਉਹ ਸੀ ਵਿਆਹ ਹੋਣਾ, ਸੁਘੜ ਸੁਜਾਨ, ਭਾਗ ਭਰੀ ਜੀਵਨ ਸਾਥਣ ਦਾ ਮਿਲਣਾ। ਖਰਚੇ ਵੱਧ ਗਏ, ਘਰ ਦੀ ਤੰਗੀ ਤੋਂ ਦੁਖੀ ਹੋ ਕੇ ਮੁੜ ਖੇਤੀ ਮਹਿਕਮੇ ਵਿਚ ਨੋਕਰੀ ਤੇ ਜਾ ਲੱਗਿਆ। ਸਾਂਝੇ ਪ੍ਰਵਾਰ ਅਤੇ ਭੈਣ ਭਰਾਵਾਂ ਤੇ ਸਭ ਕੁਝ ਲੁਟਾਂਦਾ ਗਿਆ। ਉਹਨਾਂ ਦੀ ਪੜ੍ਹਾਈ ਅਤੇ ਆਰਥਕ ਮੰਦਹਾਲੀ, ਨੇ ਕਚੂਮਰ ਕਢ ਧਰਿਆ। ਪੜ੍ਹਾਈ ਪੂਰੀ ਹੋ ਜਾਣ ਤੇ ਨੌਕਰੀਆਂ ਤੇ ਲਗ ਜਾਣ ਤੇ, ਉਹ ਭੀ ਅੱਖਾਂ ਫੇਰ ਗਏ। ਕੀਤੇ ਗਏ ਅਹਿਸਾਨਾਂ ਨੂੰ ਮੁੜ ਕਦੀ ਯਾਦ ਨਾ ਕੀਤਾ। ਸਗੋਂ ਬਹੁਤੀ ਪੜ੍ਹਾਈ ਦੀ ਬਦੌਲਤ ਅਫਸਰੀ ਦੇ ਗਰੂਰ ਵਿਚ, ਮੇਰੇ ਹਿੱਸੇ ਦੀ ਜ਼ਮੀਨ, ਅਣਪੜ੍ਹ ਬਾਪੂ ਤੋਂ, ਕਰਜੇ ਦੇ ਬਹਾਨੇ ਅੰਗੂਠਾ ਲਗਵਾ ਕੇ ਧੋਖੇ ਨਾਲ ਵੇਚ ਦਿੱਤੀ। ਲੰਮੀ ਲੜਾਈ ਅਤੇ ਖੱਜਲ ਖੁਆਰੀ ਤੋਂ ਬਾਅਦ ਇਹ ਚਾਰ ਸਿਆੜ ਜ਼ਮੀਨ ਵਾਪਸ ਲੈ ਸਕਿਆ। ਵਾਹਿਗੁਰੂ ਨੇ ਦੋ ਹੋਣਹਾਰ ਬੱਚੇ ਬਖ਼ਸ ਦਿਤੇ, ਬੇਟੀ ਨਵਦੀਪ ਕੌਰ ਤੇ ਬੇਟਾ ਕੰਵਰਦੀਪ ਸਿੰਘ। ਨੌਕਰੀ ਦੌਰਾਨ ਬਹੁਤ ਉਤਰਾ ਚੜਾਅ ਆਏ। ਜਨਵਰੀ 1973 ਵਿਚ ਖੰਡੇ ਦੀ ਪਹੁਲ ਪ੍ਰਾਪਤ ਕੀਤੀ। ਸੰਨ 1975 ਵਿਚ ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਨਾਲ ਸਬੰਧਤ ਹੋ ਕੇ ਸੇਵਾ ਆਰੰਭ ਦਿੱਤੀ। ਨੌਕਰੀ ਕਰਦਿਆਂ ਹੀ ਗੁਰਮਤ ਸਾਹਿਤ ਪੜ੍ਹਿਆ, ਗੁਰਬਾਣੀ ਅਰਥ ਪੜ੍ਹੇ, ਇਤਿਹਾਸ ਦਾ ਅਧਿਐਨ ਕੀਤਾ। ਮੰਗ ਮੁਤਾਬਕ ਗੁਰੂ ਘਰਾਂ ਵਿਚ ਕਥਾ ਤੇ ਲੈਕਚਰ ਦੀ ਸੇਵਾ ਭੀ ਕਰਦਾ ਰਿਹਾ। ਮਾਨਸਾ, ਬਠਿੰਡਾ, ਸਰਸਾ, ਸੰਗਰੀਆ, ਪਟਿਆਲਾ, ਫਰੀਦਕੋਟ, ਗੋਨਿਆਣਾ ਮੰਡੀ, ਆਦਿ ਸ਼ਹਿਰਾਂ ਵਿਚ ਗੁਰਮਤ ਸਟੱਡੀ ਕੇਂਦਰ ਸਥਾਪਤ ਕੀਤੇ। ਵਕਤ ਕੱਢ ਕੇ ਸਵੇਰੇ ਸ਼ਾਮ ਬੱਸ ਅੱਡਿਆਂ ਵਿਚ, ਹਾਕਰ ਬਣਕੇ ਧਾਰਮਕ ਪੁਸਤਕਾਂ, ਕੰਘੇ ਕੜੇ ਭੀ ਵੇਚੇ। ਸੰਨ 1984 ਦਾ ਕਹਿਰ, ਦਰਬਾਰ ਸਾਹਿਬ ਤੇ ਹਮਲਾ ਕਰਕੇ ਭਾਰਤੀ ਫੌਜਾਂ ਨੇ ਘੋਰ ਪਾਪ ਕੀਤਾ, ਹਰ ਸਿੱਖ ਤੜਪਿਆ। ਹੋਰ ਅਨੇਕ ਦਰਦਨਾਕ ਘਟਨਾਵਾਂ ਵਾਪਰੀਆਂ। ਭੜਕਾਉ ਲੈਕਚਰ (ਭਾਰਤ ਸਰਕਾਰ ਵਿਰੁਧ ਜੰਗ-124 ਏ) ਦਾ ਇਲਜਾਮ ਲਾਕੇ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ। ਛ।ੀ।ੳ। ਸਟਾਫ਼ ਬਠਿੰਡਾ ਵਾਲਿਆਂ, ਪੰਦਰਾਂ ਦਿਨਾ ਦੇ ਨਰਕੀ ਰਿਮਾਂਡ ਤੋਂ ਬਾਦ ਹੁਲੀਆ ਵਿਗਾੜ ਕੇ, ਸੈਂਟਰਲ ਜੇਲ੍ਹ ਭੇਜ ਦਿੱਤਾ। ਬਠਿੰਡਾ ਜੇਲ੍ਹ ਅੰਦਰ ਅਖੌਤੀ ਖਾੜਕੂ ਅਤੇ ਅਸਲੀ ਖਾੜਕੂਆਂ ਨੂੰ ਮਿਲਣ, ਪਰਖਣ ਦਾ ਮੌਕਾ ਮਿਲਿਆ। ਇਥੇ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ‘‘ਸੰਤ ਸਿਪਾਹੀਆਂ‘‘ ਦਾ ਮਾਨਸਿਕ ਪੱਖੋਂ ਅਤੇ ਹੌਸਲੇ ਪੱਖੋਂ ਦਿਵਾਲਾ ਨਿਕਲਿਆ ਵੇਖਿਆ। ਇਸੇ ਥਾਂ ਹਿਰਸੀ ਤੇ ‘‘ਲੁਟੇਰੇ ਸੰਤਾਂ‘‘ ਦੇ ਦਰਸ਼ਨ ਦੀਦਾਰ ਕਰਨ ਦਾ ‘‘ਸੁਭਾਗ‘‘ ਬਣਿਆ। ਇਸੇ ਜੇਲ੍ਹ ਵਿਚ ਬੰਦ, ਜਹਾਜ ਅਗਵਾਕਾਰ, ਭਾਈ ਗੁਰਬਖ਼ਸ ਸਿੰਘ ਉਰਫ ਮੁਸੀਬਤ ਸਿੰਘ (ਪਿੰਡ ਪੱਕਾ ਕਲਾ) ਨੂੰ ਗੁਰਮਤ ਵਿਰੋਧੀ ਮੰਦ ਕਾਰੇ ਕਰਦੇ ਸੁਣਿਆ ਵੇਖਿਆ। ਇਹਨਾਂ ਸਾਰਿਆਂ ਨਾਲ ਸਮਰਥਾ ਮੁਤਾਬਕ ਸਿਧਾਂਤਕ ਲੜਾਈ ਲੜੀ। ਵੱਡਾ ਟਕਰਾਉ ਹੋਇਆ, ਲਹਿਰਾਬੇਗਾ ਪਿੰਡ ਦੇ ਸਿੰਘਾਂ, ਭਾਈ ਨਿਰਮਲ ਸਿੰਘ ਅਤੇ ਸ੍ਰ: ਤੋਗਾ ਸਿੰਘ ਦੇ ਸਹਿਯੋਗ ਨਾਲ ਇਸ ਲੜਾਈ ਵਿਚ ਸਫਲਤਾ ਮਿਲੀ। ਇਹਨਾਂ ਅਖੌਤੀ ਫੈਡਰੇਸ਼ਨੀਆਂ ਅਤੇ ਟਕਸਾਲੀਆਂ ਵਲੋਂ ਲਾਏ ਇਲਜਾਮਾਂ ਕਾਰਨ ਦਾਸ ਨੂੰ ਦੁਬਾਰਾ ਬਠਿੰਡਾ ਛ।ੀ।ੳ। ਸਟਾਫ ਵਾਲੇ ਲੈ ਗਏ। ਪੰਦਰਾਂ ਦਿਨਾ ਦੇ ਤਸੀਹਿਆਂ ਤੋਂ ਬਾਦ ਅਧ ਮਰਿਆ ਕਰਕੇ ਜੇਲ ਵਿਚ ਸੁੱਟ ਗਏ। ਵਿਰੋਧੀ ਲਾਣੇ ਨੇ ਲੱਡੂ ਵੰਡੇ, ਭੰਗੜੇ ਪਾਏ। ਭਾਣਾ ਕਰਤਾਰ ਦਾ ਜਿਸ ਪੁਲਿਸ ਅਫਸਰ ਨੇ ਮੇਰੇ ਉਪਰ ਦੁਬਾਰਾ ਝੂਠੇ ਕੇਸ ਪਾਏ ਸਨ, ਉਸਨੂੰ ਬਾਹਰ ਕਿਸੇ ਖਾੜਕੂ ਗਰੁੱਪ ਨੇ, ਪੰਦਰਾਂ ਦਿਨਾਂ ਦੇ ਅੰਦਰ ਪਾਰ ਬੁਲਾ ਦਿੱਤਾ। ਇਸ ਦਹਿਸ਼ਤ ਭਰੀ ਘਟਨਾ ਕਾਰਨ, ਅਖੌਤੀ ਖਾੜਕੂਆਂ ਤੇ ਸਾਧ ਲਾਣੇ ਨੇ, ਫਿਰ ਕਦੀ ਅੱਖ ਚੁੱਕਕੇ ਨਹੀਂ ਵੇਖਿਆ। ਗ੍ਰਿਫਤਾਰੀ ਕਾਰਨ ਨੌਕਰੀ ਤੋਂ ਮੁਅੱਤਲ ਹੋ ਗਿਆ, ਕੋਈ ਹੋਰ ਆਮਦਣ ਦਾ ਸਾਧਨ ਹੈ ਨਹੀਂ ਸੀ। ਜਿਨ੍ਹਾਂ ਤੇ ਉਮਰ ਭਰ ਲਹੂ ਛਿੜਕਿਆ, ਮਾਂ ਜਾਏ ਭਰਾ ਅੱਖਾਂ ਫੇਰ ਗਏ। ਇਸ ਮੁਸੀਬਤ ਵਿਚ ਉਹਨਾਂ ਗੁਰਸਿਖਾਂ ਨੇ ਭਰਭੂਰ ਮਦਤ ਕੀਤੀ, ਜਿਨਾਂ ਨੂੰ ਗੁਰੂ ਨਾਨਕ ਦੀ ਸਿਖਿਆ ਦਾ ਗਿਆਨ ਸੀ। ਉਹਨਾਂ ਗੁਰਸਿੱਖਾਂ ਨੇ ਘੋਰ ਸੰਕਟ ਸਮੇਂ ਮੇਰੇ ਪਰਿਵਾਰ ਦੀ ਅਨੇਕਾਂ ਖਤਰੇ ਸਿਰ ਲੈ ਕੇ ਹਰ ਪੱਖੋਂ ਮਦਦ ਕੀਤੀ। ਮੈਂ ਸਦਾ ਉਹਨਾਂ ਦਾ ਰਿਣੀ ਰਹਾਂਗਾ। ਉਹ ਸਨ ਸ. ਅਜਾਇਬ ਸਿੰਘ, ਸ. ਬਲਵਿੰਦਰ ਸਿੰਘ, ਸ. ਕਰਮ ਸਿੰਘ, ਸ. ਵਿੰਦਰ ਸਿੰਘ ਮਾਨਸਾ ਤੋਂ। ਸ. ਮਲਕੀਤ ਸਿੰਘ, ਸ. ਸੁਖਦੇਵ ਸਿੰਘ, ਐਸ.ਐਮ. ਬੈਟਰੀ ਵਾਲੇ ਤੇ ਬਾਬਾ ਆਤਮਾ ਸਿੰਘ, ਸ. ਜਸਵੰਤ ਸਿੰਘ, ਸ. ਗਮਦੂਰ ਸਿੰਘ, ਬਠਿੰਡੇ ਤੋਂ ਨੇ ਪ੍ਰਵਾਰ ਨੂੰ ਡੁੱਬਣੋ ਬਚਾਇਆ, ਹੌਸਲਾ ਦਿੱਤਾ। ਫਿਰ ਭੀ ਇਸ ਸਮੇਂ ਜੀਵਨ ਸਾਥਣ ਨੂੰ ਆਰਥਕ ਅਤੇ ਮਾਨਸਿਕ ਸੰਤਾਪ ਭੋਗਣਾ ਪਿਆ। ਦਿਮਾਗੀ ਹਾਲਤ ਵਿਗੜ ਗਈ। ਇੱਕ ਸਾਲ ਤੋਂ ਵੱਧ ਸਮਾਂ ਕੱਟਕੇ ਜੇਹਲ ਤੋਂ ਰਿਹਾਈ ਮਿਲੀ, ਫਿਰ ਆਕੇ ਸਰਦਾਰਨੀ ਦਾ ਲੰਮਾ ਇਲਾਜ ਕਰਾਉਣਾ ਪਿਆ। ਮੇਰੀ ਗੈਰ ਹਾਜ਼ਰੀ ਵਿਚ, ਬੱਚਿਆਂ ਨੂੰ ਡੋਲਣ ਤੋਂ ਬਚਾਇਆ, ਧਾਰਮਕ ਮੁਕਾਬਲਿਆਂ ਵਿਚ ਸ਼ਾਮਲ ਕਰਾਉਂਦੀ ਰਹੀ। ਬੱਚੇ ਸੰਸਾਰੀ ਵਿਦਿਆ ਪੜ੍ਹਦਿਆਂ ਨਾਲ ਗੁਰਮਤ ਵਿਚ ਭੀ ਪਰਪੱਕ ਹੋ ਗਏ, ਸਟੇਜ ਤੇ ਬੋਲਣ ਵਾਲੇ ਚੰਗੇ ਬੁਲਾਰੇ ਬਣ ਗਏ। ਬੇਟੀ ਨਵਦੀਪ ਕੌਰ ੰ।ੳ। ਧਰਮ ਅਧਿਐਨ ਗੋਲਡ ਮੈਡਲਿਸ, ੰ।ੳ। ਪੰਜਾਬੀ, ਬੀ. ਐੱਡ, ਗਿਆਨੀ, ਆਰਕੀਟੈਕਟ ਦਾ ਡਿਪਲੋਮਾ, ਮਿਸ਼ਨਰੀ ਕੋਰਸ ਆਦਿ ਕਰ ਗਈ। ਬੇਟਾ ਬੀ.ਏ. ਗਿਆਨੀ, ਡਿਵਨਟੀ, ਮਿਸ਼ਨਰੀ ਕੋਰਸ ਆਦਿ ਪਾਸ ਕਰ ਗਿਆ। ਬੀਬੀ ਸੁਖਜਿੰਦਰ ਕੌਰ (ਨੂੰਹ) ਮਿਲੀ ਜਿਸਨੇ ਬੀ.ਐਸ.ਸੀ., ਐਮ.ਏ. ਇੰਗਲਿਸ਼ ਪੜ੍ਹਾਈ ਮੁਕੰਮਲ ਕੀਤੀ ਹੋਈ ਹੈ (ਇਸਨੇ ਕਿਤਾਬ ਨੂੰ ਲਿਖਵਾਉਣ ਵਿਚ, ਪਰੂਫ ਰੀਡਿੰਗ ਵਿਚ ਬਹੁਤ ਮਦਦ ਕੀਤੀ) ਕੁਝ ਜਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਦ ਮੈਨੂੰ ਮੁੜ ਆਪਣੀ ਉਸੇ ਪੁਰਾਣੀ ਨੋਕਰੀ ਤੇ ਬਹਾਲ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਵਲੋਂ ਬਿਨਾ ਮੰਗੇ, ਦਸ ਹਜਾਰ ਰੁਪੈ ਸਹਾਇਤਾ ਲਈ ਭੇਜੇ ਗਏ। ਜਨਵਰੀ 1993 ਵਿਚ ਭਾਈ ਮਨਜੀਤ ਸਿੰਘ ਮੁੱਖ ਸੇਵਾਦਾਰ ਆਨੰਦਪੁਰ ਸਾਹਿਬ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਦੀ ਸੇਵਾ ਸੰਭਾਲ ਦਿੱਤੀ ਗਈ। ਮੈਂ ਇਹਨਾਂ ਨਾਲ ਪੰਥਕ ਮਸਲਿਆਂ ਬਾਰੇ, ਲੰਮੀ ਵਿਚਾਰ ਕੀਤੀ। ਇਸਨੇ ਮੈਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕਰ ਲਿਆ, ਤੇ ਮੈਂ ਆਪਣੀ ਸਰਕਾਰੀ ਨੌਕਰੀ ਤੋਂ ਅਗੇਤੀ ਰਿਟਾਇਰਮੈਂਟ ਲੈ ਕੇ ਇਹਨਾਂ ਨਾਲ ਸੇਵਾ ਤੇ ਹਾਜ਼ਰ ਹੋ ਗਿਆ। ਜਨਵਰੀ 93 ਤੋਂ ਸਤੰਬਰ 95 ਤੱਕ। ਇਸ ਅਹੁਦੇ ਤੇ ਰਹਿਕੇ, ਸਿਆਸੀ ਲੀਡਰਾਂ, ਧਾਰਮਕ ਸੇਵਾਦਾਰਾਂ ਨੂੰ ਨੇੜਿਓਂ ਹੋਕੇ ਵੇਖਣ ਪਰਖਣ ਦਾ ਮੌਕਾ ਮਿਲਿਆ। ਵੱਡੇ ਛੋਟੇ ਅਹੁਦਿਆਂ ਤੇ ਬੈਠੇ ਵਿਅਕਤੀਆਂ ਦੀ ਤਰਜੇ ਜ਼ਿੰਦਗੀ ਵੇਖਕੇ, ਅਤੀ ਨਿਰਾਸਤਾ ਹੋਈ। ਇਸ ਲਈ ਜਥੇਦਾਰ ਨਾਲ ਘੁਟਣ ਮਹਿਸੂਸ ਕਰਦਿਆਂ, ਤਿਆਗ ਪੱਤਰ ਦੇ ਦਿੱਤਾ। ਉਪ੍ਰੰਤ ਸਾਹਿਬਜਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਵਿਚ, ਇਤਿਹਾਸ ਪੜਾਉਣ ਦੀ ਸੇਵਾ ਤੇ ਜਾ ਹਾਜ਼ਰ ਹੋਇਆ। ਤਿੰਨ ਕੁ ਸਾਲ ਤੋਂ ਬਾਦ ਕੁਝ ਅਣਸੁਖਾਵੇਂ ਕਾਰਨਾਂ ਕਰਕੇ, ਉਥੋਂ ਭੀ ਤਿਆਗ ਪੱਤਰ ਦੇ ਦਿੱਤਾ। ਇਤਨੇ ਵਿਚ ਮੇਰਠ ਤੇ ਰਿਸ਼ੀਕੇਸ ਵਿਖੇ ਛੇ ਕੁ ਮਹੀਨੇ ਧਰਮ ਵਿਦਿਆ ਪੜ੍ਹਾਉਣ ਦੀ ਸੇਵਾ ਕੀਤੀ। ਗਿਆਨੀ ਜਗਜੀਤ ਸਿੰਘ ਸਿਦਕੀ ਅਤੇ ਭਾਈ ਇੰਦਰਜੀਤ ਸਿੰਘ ਰਾਣਾ ਅਤੇ ਸਾਥੀਆਂ ਦੇ ਉੱਦਮ ਸਦਕਾ, ਲੁਧਿਆਣਾ ਵਿਖੇ ਗੁਰਮਤ ਗਿਆਨ ਮਿਸ਼ਨਰੀ ਕਾਲਜ, 1996 ਤੋਂ ਸ਼ੁਰੂ ਹੋ ਗਿਆ। ਤਦੋਂ ਤੋਂ ਦਾਸ ਉਥੇ ਇਤਿਹਾਸ ਪੜਾਉਣ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਕੈਨੇਡਾ, ਇੰਗਲੈਡ, ਜਰਮਨੀ, ੂ।ੳ।ਓ। ਆਦਿ ਦੇਸ਼ਾਂ ਵਿਚ ਧਰਮ ਪ੍ਰਚਾਰ ਲਈ ਜਾਣ ਦਾ ਮੌਕਾ ਮਿਲਿਆ ਹੈ। ਇੱਕ ਸੌ ਤੋਂ ਵੱਧ ਧਾਰਮਿਕ ਲੇਖ ਹੁਣ ਤਕ ਪਰਚਿਆਂ ਵਿਚ ਛਪ ਚੁਕੇ ਹਨ। ਦਸ ਛੋਟੇ ਕਿਤਾਬਚੇ ਛਾਪਕੇ ਸੰਗਤਾਂ ਤੱਕ ਪੁਚਾ ਚੁਕਿਆ ਹਾਂ। ਕਈ ਸਾਰੇ ਲੇਖ ਹਾਲੀ ਅਣਛਪੇ ਪਏ ਹਨ। ਗੁਰਮਤ ਸਿਧਾਂਤਾਂ ਨੂੰ ਨਿਖਾਰ ਕੇ ਪੇਸ਼ ਕਰਨ ਵਾਲੀਆਂ ਛਧਸ ਭੀ ਕੱਢ ਚੁੱਕਿਆ ਹਾਂ। ਮੋਹਾਲੀ ਵਿਖੇ 26 ਅਕਤੂਬਰ 2003 ਨੂੰ ਹੋਈ ਵਿਸ਼ਵ ਸਿੱਖ ਕਲਵੈਸ਼ਨ ਨੂੰ, ਕਾਮਯਾਬ ਕਰਨ ਵਾਸਤੇ, ਬਣਦਾ ਸਰਦਾ ਯੋਗਦਾਨ ਪਾਇਆ ਸੀ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਆਖਰੀ ਸੁਆਸਾਂ ਤਕ ਆਪਣੇ ਦਰ ਦੀ ਸੇਵਾ ਲੈਂਦਾ ਰਹੇ। ਗੁਰਮਤ ਬਾਰੇ ਇਸ ਲੰਮੀ ਕਠਨ ਘਾਲਣਾ ਵਿਚੋਂ ਜੋ ਸਿਖਿਆ, ਪਾਵਨ ਗੁਰਬਾਣੀ ਅਤੇ ਇਤਿਹਾਸ ਵਿਚੋਂ ਜੋ ਮਾਣਕ ਮੋਤੀ ਲੱਭ ਸਕਿਆ, ਉਹ ਸੰਗਤਾਂ ਅੱਗੇ ਪਰੋਸ ਰਿਹਾ ਹਾਂ। ਬਹੁਤੇ ਲੇਖ ਸਿਧਾਂਤਕ ਹਨ। ਇਸ ਲਈ ਕਈ ਵਾਰੀ ਪੜ੍ਹਕੇ, ਚੁੱਭਣ ਮਹਿਸੂਸ ਭੀ ਹੋ ਸਕਦੀ ਹੈ। ਕਿਉਂਕਿ ਆਮ ਸਿੱਖ ਅੱਜ ਤਕ ਕੇਵਲ ਗੁਰੂ ਘਰ ਨਾਲ ਸ਼ਰਧਾ ਵਾਲੇ ਪੱਖ ਕਾਰਨ ਹੀ ਜੁੜਿਆ ਹੋਇਆ ਹੈ, ਗਿਆਨ ਲੱਗਭਗ ਨਾਂਹ ਦੇ ਬਰਾਬਰ ਹੀ ਹੈ। ਗੁਰਬਾਣੀ ਗਿਆਨ ਦਾ ਸਾਗਰ ਹੈ, ਇਤਿਹਾਸ ਪਰਉਪਕਾਰ ਤੇ ਸੂਰਮਗਤੀ ਦੀ ਸਿਖਰ ਹੈ। ਗੁਰਬਾਣੀ ਦੇ ਚਾਨਣ ਵਿਚ ਜੋ ਪੜ੍ਹਿਆ, ਵਿਦਵਾਨਾਂ ਤੋਂ ਸਿਖਿਆ, ਜੀਵਨ ਤਜਰਬੇ ਨਾਲ ਰਿੜਕਿਆ ਉਹੀ ਬਣਾ ਸੰਵਾਰ ਕੇ ਪਾਠਕਾਂ ਦੀ ਸੇਵਾ ਵਿਚ ਹਾਜ਼ਰ ਹੈ। ਮੈਨੂੰ ਕਦੀ ਚਿੱਤ ਚੇਤਾ ਭੀ ਨਹੀਂ ਸੀ ਕਿ ਵੱਡੀ ਪੂਰੀ ਕਿਤਾਬ ਲਿਖਣ ਦੇ ਸਮਰਥ ਹੋ ਸਕਾਂਗਾ, ਉਹ ਭੀ ਸਿਧਾਂਤਕ ਕਿਤਾਬ ? ਇਸ ਪਿਛੇ ਸਤਿਗੁਰੂ ਸਾਹਿਬਾਨ ਦੀ ਕਿਰਪਾ ਤੋਂ ਬਾਦ ਮੇਰੇ ਸਤਿਕਾਰਯੋਗ ਵੱਡੇ ਵੀਰ, ਜਿਨ੍ਹਾਂ ਨੂੰ ਮੈਂ ਆਪਣੇ ਮਨ ਵਿਚ ਜ਼ਿੰਦਗੀ ਦਾ ਮਾਡਲ ਸਵੀਕਾਰ ਕੀਤਾ ਹੋਇਆ ਹੈ ਉਹ ਹਨ, ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ। ਜਿਨ੍ਹਾ ਤੋਂ ਮੈਂ ਗੁਰਮਤ ਗਿਆਨ ਬਾਰੇ ਪਿਛਲੇ ਤੀਹ ਸਾਲ ਤੋਂ ਸਿਖਦਾ ਆ ਰਿਹਾ ਹਾਂ। ਉਹ ਸਿਖਾਉਂਦੇ ਹੋਏ ਨਾ ਥਕਦੇ ਹਨ ਨਾ ਅਕਦੇ ਹਨ, ਛੁਪਕੇ ਰਹਿਣ ਦੀ ਇੱਛਾ ਨਾਲ, ਲਗਾਤਾਰ ਕੰਮ ਕਰਦੇ ਹਨ। ਉਹਨਾਂ ਦੀ ਦੇਣ ਮੈਂ ਕਦੀ ਦੇ ਨਹੀਂ ਸਕਾਂਗਾ। ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ।। ਗੁਰੂ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ।। (612) ਗੁਰਮਤ ਖੋਜੀ, ਪਰਚਾਰਕ ਅਤੇ ਹੋਰ ਵਿਦਵਾਨ ਸੱਜਣ, ਗੁਰਬਾਣੀ ਦੇ ਚਾਨਣ ਵਿਚ ਕਿਤਾਬ ਨੂੰ ਪਰਖ ਕੇ, ਅਗਰ ਕੋਈ ਕੀਮਤੀ ਸੁਝਾ ਦੇਣਗੇ ਤਾਂ ਖਿੜੇ ਮੱਥੇ ਸਵੀਕਾਰ ਕਰਾਂਗਾ। ਆਉਂਦੀਆਂ ਐਡੀਸਨਾਂ ਵਿਚ ਸੋਧ ਕਰ ਲਵਾਂਗਾ। ਧੰਨਵਾਦ ! ਪ੍ਰਸੰਸਕਾਂ ਦਾ ਭੀ, ‘ਤੇ ਅਲੋਚਕਾਂ ਦਾ ਭੀ। ‘‘ਮੈਂ ਮੂਰਖ ਕੀ ਕੇਤਕ ਬਾਤ ਹੈ….‘‘ was last modified: February 5th, 2018 by ਸੰਪਾਦਕ 0 comment 2 Facebook Twitter Google + Pinterest ਸੰਪਾਦਕ previous post ਚਉਰਾਸੀਹ ਜੂਨਾਂ। next post ‘ਆਮ ਇਨਸਾਨ’? You may also like ਕੱਤਕ ਨਹੀਂ ਵੈਸਾਖ November 29, 2017 ਅਗਾਹਾ ਕੂ ਤ੍ਰਾਘ ਪਿਛਾ ਫੇਰਿ ਨ ਮੁਹਡੜਾ !! February 1, 2018 ਪਵਣੁ ਗੁਰੂ ਪਾਣੀ ਪਿਤਾ March 19, 2018 ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ April 5, 2018 ਜਦੋਂ ਬਾਬੇ ਦੇ ਛਿੱਤਰ ਵਿੱਚ ਪਾਣੀ ਪੀਂਦੇ ਰਹੇ February 19, 2018 ਚਉਰਾਸੀਹ ਜੂਨਾਂ। February 4, 2018 ਅੰਕਲ ਬੜੀ ਮੁਸ਼ਕਲ ਨਾਲ ਕਾਲਾ ਕੁੱਤਾ ਲੱਭਾ March 7, 2018 ਵੀਹ ਹਜ਼ਾਰ ਡਾਲਰ `ਚ ਪਈ ਬੁਰੀ ਨਜ਼ਰ January 21, 2018 ਕੀ ਇਹ ਵੀ ਤ੍ਰਿਸ਼ਨਾਂ ਹੈ? ਪ੍ਰੋ: ਸਰਬਜੀਤ ਸਿੰਘ... November 29, 2017 ਜਿਨਿ ਗੋਇ ਉਠਾਲੀ December 11, 2017 Leave a Comment Cancel Reply