ਜਿਸ ਦੇ ਚਾਨਣ ਰਿਸ਼ਮਾਂ ਪਾਈਆਂ ਲਹਿਣੇ ਦੇ ਆਈਨੇ ਤੇ,
ਉਸ ਜੋਤ ਨੇ ਛਾਪ ਲਗਾਈ ਕੰਧਾਰੀ ਦੇ ਸੀਨੇ ਤੇ ।
ਬਾਲਕ ਵਾਗੀ ਬੁਢਾ ਕੀਤਾ, ਬੇਰ ਬਣਾਇਆ ਰੇਠੇ ਦਾ,
ਰਾਇ ਬੁਲਾਰ ਮੁਰੀਦ ਕਰ ਲਿਆ, ਪਾ ਕੇ ਨੂਰ ਨਗੀਨੇ ਤੇ ।
ਕਿਰਤੀ ਦਾ ਭੰਡਾਰ ਵਿਖਾਇਆ, ਅੰਨ੍ਹੇ ਮਾਇਆ ਧਾਰੀ ਨੂੰ,
ਸੱਜਣ ਠੱਗ ਨੂੰ ਝਾਤ ਪੁਆਈ, ਘਰ ਵਿਚ ਪਏ ਦਫ਼ੀਨੇ ਤੇ ।
ਬ੍ਰਾਹਮਣ ਕਾਜੀ ਦੋਵੇਂ ਰਗੜੇ, ਨਿਯਤ ਦੀ ਘਸਵੱਟੀ ਤੇ,
ਉਹ ਅਛੂਤ ਬਰਾਬਰ ਤੋਲੇ, ਕਰਤਬ ਦੇ ਤਖ਼ਮੀਨੇ ਤੇ ।
ਪ੍ਰੇਮ ਨਸ਼ੇ ਥੀਂ ਖੀਵਾ ਕੀਤਾ, ਅਮਲਾਂ ਦੇ ਦੀਵਾਨੇ ਨੂੰ ।
ਮੱਕੇ ਵਾਲੇ ਨੂੰ ਭਰਮਾਇਆ, ਦਿਲ ਦੇ ਪਾਕ ਮਦੀਨੇ ਤੇ ।
ਵਹਦਤ ਦਾ ਵਿਉਪਾਰੀ ਆਇਆ, ਹਾਦੀ ਹਿੰਦੂ ਮੁਸਲਿਮ ਦਾ,
ਮੰਦਰ ਮਸਜਿਦ ਸਾਂਝੇ ਕੀਤੇ, ਮਿਟੀ ਪਾਈ ਕੀਨੇ ਤੇ ।
ਆ ਜਾ ਮਨ ਅਜ ਸ਼ੁਕਰਾਨੇ ਕਰੀਏ ਬਾਬੇ ਏਕੰਕਾਰੀ ਦੇ,
ਜਿਸ ਨੇ ਜੋਤ ਜਗਾਈ ਆਣ ਗੁਆਚੇ ਮਾਲ ਖਜੀਨੇ ਤੇ ।
ਦੁਨੀਆਂ ਵਾਲਿਓ, ਕੁਝ ਨਾ ਪੁਛੋ ਮੇਰੇ ਐਬ ਸਵਾਬਾਂ ਦੀ,
ਚਾਤ੍ਰਿਕ ਦਾ ਹੈ ਤਕਵਾ ਆਪਣੇ ਰਹਬਰ ਦਾਨੇ ਬੀਨੇ ਤੇ ।